Jump to content

User:Kalersaab123

From Wikipedia, the free encyclopedia

ਛੱਜੂ ਝੀਵਰ ਨੂੰ ਗੀਤਾ ਗਿਆਨ

     ਅਠਵੇਂ ਗੁਰੂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਆਯੂ ਬਹੁਤ ਛੋਟੀ ਸੀ । ਆਪ ਬਾਲਕ ਰੂਪ ਵਿਚ ਸਨ ਪਰ ਗਿਆਨ ਤੇ ਆਤਮਕ ਸ਼ਕਤੀ ਬਾਕੀ ਦੇ ਸਤਿਗੁਰਾਂ ਸਮਾਨ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਰਕਤਾਂ ਉਨ੍ਹਾਂ ਕੋਲ ਸਨ । ਕਲਜੁਗ ਦੇ ਜੀਵਾਂ ਵਿਚ ਕਈ ਐਸੇ ਹੰਕਾਰੀ ਪੁਰਸ਼ ਵੀ ਸਨ ਜੋ ਗੁਰੂ ਜੀ ਨੂੰ ਇਕ ਬਾਲਕ ਸਮਝਦੇ ਸਨ । ਓਹ ਹੰਕਾਰੀ ਤੇ ਪਾਪੀ ਪੁਰਸ਼ ਆਤਮਿਕ ਤੇ ਬ੍ਰਹਮ ਮੰਡਲ ਦੇ ਗਿਆਤਾਂ ਨਹੀਂ ਸਨ ।
      ਸਤਿਗੁਰੂ ਦਿਲੀ ਵਲ ਜਾ ਰਹੇ ਸਨ ਰਾਹ ਵਿਚ ਜਿਥੇ ਵੀ ਪੜਾਅ ਕਰਦੇ ਓਥੇ ਹੀ ਸਿਖ ਸੰਗਤਾਂ ਪੁੱਜ ਜਾਂਦੀ । ਪਾਪੀ ਜੀਵ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਤੇ ਆਪਣਾ ਅੱਗਾ ਸਵਾਰਦੇ । ਇਕ ਨਗਰ ਵਿਚ ਪੜਾਅ ਕੀਤਾ ਦੂਰ ਦੂਰ ਦੇ ਲੋਕ ਤੇ ਉਸ ਪਿੰਡ ਦੇ ਲੋਕ ਦਰਸ਼ਨ ਕਰਨ ਨੂੰ ਆਏ । ਸਤਿਗੁਰਾਂ ਦੀ ਬਹੁਤ ਉਪਮਾ ਹੋਈ । ਉਸ ਨਗਰ ਵਿਚ ਇਕ ਲਾਲ ਨਾਮ ਦਾ ਪੰਡਤ ਸੀ । ਉਸਨੇ ਗੀਤਾ ਤੇ ਸੰਸਕ੍ਰਿਤ ਦੇ ਹੋਰ ਗਰੰਥ ਪੜੇ ਹੋਏ ਸਨ । ਉਸਨੂੰ ਵਿਦਿਆ ਦਾ ਹੰਕਾਰ ਸੀ। ਉਸਨੇ ਜਦੋਂ ਸਤਿਗੁਰੂ ਨੇ ਜੀ ਦੇ ਦਰਸ਼ਨ ਕੀਤੇ ਤਾਂ ਉਹਦੇ ਮਨ ਵਿਚ ਹੰਕਾਰ ਨੇ ਆ ਡੇਰੇ ਲਾਏ ਹੁੰਕਾਰ ਦੇ ਨਾਲ ਸ਼ੰਕਾ ਆ ਫੁਰੀ ਕਿ ਇਹਨਾਂ ਦਾ ਨਾਮ ਹਰਿਕ੍ਰਿਸ਼ਨ ਹੈ ਜਿਸਦਾ ਅਰਥ ਵਡੇ ਕ੍ਰਿਸ਼ਨ ਜੀ ਪਰ ਇਨ੍ਹਾਂ ਦੀ ਆਯੂ ਬਹੁਤ ਛੋਟੀ ਹੈ । ਉਸ ਦੁਆਪਰ ਦੇ ਯਾਦਵੰਸ਼ੀ ਕ੍ਰਿਸ਼ਨ ਨੇ ਤਾਂ ਗੀਤਾ ਦਾ ਉਚਾਰਨ ਕੀਤਾ ਸੀ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਕੀ ਇਹ ਹਰ ਕ੍ਰਿਸ਼ਨ ਜੀ ਜੋ ਆਪਣੇ ਆਪਨੂੰ ਸਚੇ ਸਤਿਗੁਰੂ ਵੀ ਆਖਵਾਉਂਦੇ ਹਨ ਭਲਾ ਗੀਤਾ ਦੇ ਅਰਥ ਕਰ ਸਕਦੇ ਹਨ ਕਿ ਨਹੀਂ ਹੈ ਇਹ ਸ਼ੰਕਾ ਉਹਨੇ ਮਨ ਵਿਚ ਧਾਰੀ।
        ਅੰਤਰਯਾਮੀ ਸਤਿਗੁਰੂ ਪੰਡਤ ਦੀ ਮਨੋਭਾਵਨਾ ਨੂੰ ਸਮਝ ਗਏ । ਉਨ੍ਹਾਂ ਪੰਡਤ ਲਾਲ ਨੂੰ ਪੁਛਿਆ - ਪੰਡਤ ਜੀ ! ਕਿਹੜੀਆਂ ਵਿਚਾਰਾਂ ਵਿਚ ਗੋਤੇ ਖਾ ਰਹੈ ਜੇ ? ਜੇ ਕੋਈ ਸ਼ੰਕਾ ਫੁਰਿਆ ਹੈ ਤਾਂ ਉਸਨੂੰ ਪ੍ਰਗਟ ਕਰੋ ।
         ਹੇ ਸਤਿਗੁਰੂ ! ਮੇਰੇ ਹਿਰਦੇ ਵਿਚ ਆਈ ਹੈ ਕਿ ਮੈਂ ਆਪ ਕੋਲੋਂ ਗੀਤਾ ਦੇ ਅਰਥ ਸੁਣਾ ਕਿਉਂਕਿ ਮੈਨੂੰ ਗੀਤਾ ਗਿਆਨ ਨਾਲ ਪਰੀਤ ਹੈ । ਆਪ ਕਲਪ ਬ੍ਰਿਛ ਦੇ ਸਮਾਨ ਰਿਧੀਆਂ ਸਿਧੀਆਂ ਵਾਲੇ ਪੂਰੇ ਗੁਰੂ ਜੇ ਆਪ ਜ਼ਰੂਰ ਅੰਮ੍ਰਿਤ ਰੂਪੀ ਗੀਤਾ ਗਿਆਨ ਨੂੰ ਸੁਣਾਉਣ ਵਿਚ ਸਮਰਥਾ ਰਖਦੇ ਜੇ । ਦੀਨ ਦਇਆਲ ਸਤਿਗੁਰੂ ਜੀ ਮੁਸਕਰਾਏ ਇਕ ਨਿਰਾਲੀ ਮੁਸਕਰਾਹਟ ਨਾਲ ਪੰਡਤ ਨੂੰ ਆਖਣ ਲਗੇ -- ਪੰਡਤ ਜੀ ! ਆਪਨੂੰ ਸ਼ੱਕ ਹੈ ਕਿ ਮੈਂ ਪੜਿਆ ਹੋਇਆ ਨਹੀਂ । ਇਸ ਵਾਸਤੇ ਮੇਰੀ ਪ੍ਰੀਖਿਆ ਕਰਨਾ ਚਾਹੁੰਦੇ ਜੇ ਜਾਓ ਕਿਸੇ ਅਨਪੜ੍ਹ ਆਦਮੀ ਨੂੰ ਲਭਕੇ ਲੈ ਆਓ । ਉਸ ਕੋਲੋਂ ਗੀਤਾ ਦੇ ਅਰਥ ਕਰਾਏ ਜਾਣਗੇ । ਕਿਉਂਕਿ ਜੇ ਮੈਂ ਅਰਥ ਕੀਤੇ ਤਾਂ ਫਿਰ ਆਪ ਨੂੰ ਸ਼ੱਕ ਰਹੇਗਾ ਕਿ ਸ਼ਾਇਦ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਨੂੰ ਗੀਤਾ ਪੜ੍ਹਾਈ ਹੋਵੇ । ਇਹ ਸੁਣਕੇ ਪੰਡਤ ਸ਼ਰਮਿੰਦਾ ਵੀ ਹੋਇਆ ਤੇ ਖੁਸ਼ ਵੀ ਉਹ ਸਤਿਗੁਰੂ ਜੀ ਕੋਲੋਂ ਉਠਕੇ ਨਗਰ ਨੂੰ ਚਲਿਆ ਗਿਆ । ਉਸ ਨਗਰ ਵਿਚ ਇਕ ਛਜੂ ਝੀਵਰ ਸੀ । ਛਜੂ ਬਹੁਤ ਗਰੀਬ ਤੇ ਮੂਰਖ ਸੀ । ਉਹ ਭਠੀ ਉਤੇ ਦਾਣੇ ਭੁੰਨਦਾ  ਰਹਿੰਦਾ । ਦੀਨ ਦੁਨੀਆਂ ਤੇ ਆਪਣੇ ਆਪ ਦਾ ਉਸਨੂੰ ਕੋਈ ਗਿਆਨ ਨਹੀਂ ਸੀ । ਕਾਲਾ ਅੱਖਰ ਉਸ ਵਾਸਤੇ ਮੱਝ ਬਰਾਬਰ ਸੀ । ਪੰਡਤ ਲਾਲ ਉਸ ਨੂੰ ਸਤਿਗੁਰਾਂ ਦੇ ਹਜ਼ੂਰ ਲੈ ਆਇਆ।
         ਸਤਿਗੁਰੂ ਨੇ ਛਜੂ ਨੂੰ ਦੇਖਦੇ ਸਾਰ ਆਖਿਆ ਆ ਪੰਡਤ ਛਜੂ ! ਤੂੰ ਪੂਰਬਲੇ ਜਨਮ ਦਾ ਪੰਡਤ ਹੈਂ ਕਰਮਾਂ ਦੀ ਭਾਗੀ ਗਿਆਨ ਤੋਂ ਦੂਰ ਚਲਿਆ ਗਿਆ ਸੈਂ । ਪੰਡਤ ਜੀ ਹੁਰਾਂ ਨੂੰ ਗੀਤਾ ਦੇ ਅਰਥ ਕਰਕੇ ਸੁਣਾ। ਸਤਿਗੁਰੂ ਜੀ ਦੇ ਇਸ ਬਚਨ ਨੇ ਸਚਮੁਚ ਛਜੂ ਦੀ ਆਤਮਾ ਨੂੰ ਸੁਰਜੀਤ ਕਰ ਦਿਤਾ । ਉਸਨੂੰ ਗਿਆਨ ਹੋ ਗਿਆ ਪਰ ਛਜੂ ਅਜੇ ਘਬਰਾਹਟ ਵਿਚ ਸੀ ਓਹ ਹਥ ਜੋੜਕੇ ਸਤਿਗੁਰੂ ਜੀ ਅਗੇ ਪ੍ਰਾਰਥਨਾ ਕਰਨ ਲਗਾ ਦਾਤਾ! ਇਹ ਜੀਵ ਪੁਤਲੀ ਦੀ ਨਿਆਈਂ ਹੈ । ਆਪ ਮਾਲਕ ਜੇ ਜਿਵੇਂ ਪੁਤਲੀ ਨੂੰ ਨਚਾਉਗੇ ਤਿਵੇਂ ਨਚੇਗੀ । ਆਪ ਕਰਤਾ ਜੇ ਇਹ ਦ੍ਰਿਸਟ ਤੇ ਅਦ੍ਰਿਸ਼ਟ ਜਗਤ ਆਪ ਦਾ ਕੀਤਾ ਹੋਇਆ ਹੈ । ਕੁਦਰਤ ਵਿਚ ਰਹੇ ਜੇ ਧੰਨ ਭਾਗ ਜੋ ਆਪ ਨੇ ਭੂਲੇ ਹੋਏ ਛਜੂ ਨੂੰ ਚੇਤੇ ਕੀਤਾ , ਦਾਤਾ ਆਪ ਦੀ ਮੇਹਰ ਹੈ । 
         ਪੰਡਤ ਲਾਲ ਛਜੂ ਅਗਿਆਨੀ ਦੀ ਜਬਾਨੋਂ ਗਿਆਨੀਆਂ ਵਰਗੇ ਬਚਨ ਸੁਣਕੇ ਕੁਝ ਸ਼ਰਮਿੰਦਾ ਹੋਇਆ , ਪਰ ਉਸਦੇ ਮਨ ਦੀ ਸ਼ੰਕਾ ਅਜੇ ਵੀ ਦੂਰ ਨਾ ਹੋਈ । ਅੰਤਰਜਾਮੀ ਸਤਿਗੁਰੂ ਉਹਦੇ ਮਨੋਭਾਵਾਂ ਨੂੰ ਜਾਚ ਗਏ ਤੇ ਆਖਣ ਲਗੇ- ਹਾਂ ਪੰਡਤ ਜੀ ! ਆਪ ਗੀਤਾ ਦਾ ਸਲੋਕ ਪੜੋ ਤੇ ਛੱਜੂ ਰਾਮ ਅਰਥ ਕਰੇਗਾ । ਇਹ ਆਖਕੇ ਸਤਿਗੁਰਾਂ ਨੇ ਛਜੂ ਦੇ ਸਿਰ ਉਤੇ ਆਪਣੀ ਛਿਟੀ ਰਖ ਦਿਤੀ । ਉਸ ਛਿਟੀ ਦੇ ਰਖਣ ਨਾਲ ਛਜੂ ਸਚਮੁਚ ਪੰਡਤ ਹੋ ਗਿਆ । ਗੀਤਾ ਦਾ ਹਰ ਇਕ ਸ਼ਬਦ ਉਸ ਦੀ ਜ਼ਬਾਨ ਉਤੇ ਆ ਗਿਆ | ਪੰਡਤ ਲਾਲ ਨੇ ਇਕ ਸਲੋਕ ਪੜਿਆ , ਜਿਸ ਸਲੋਕ ਨੂੰ ਉਹ ਸਭ ਤੋਂ ਕਠਨ ਤੇ ਭਾਵ ਅਨੁਸਾਰ ਮਹਿੰਗਾ ਸਮਝਦਾ ਸੀ । ਸ਼ਲੋਕ ਨੂੰ ਸੁਣਕੇ ਛੱਜੂ ਨੇ ਉਸਦਾ ਅਰਥ ਕੀਤਾ , ਸ੍ਰੀ ਕ੍ਰਿਸ਼ਨ ਜੀ ਆਖ ਰਹੇ ਨੇ - ਹੇ ਅਰਜਨ ! ਮੋਹ ਦੀ ਕਾਲਖ ਲਾ ਹੇ ਬਿਨਾਂ ਆਤਮਾ ਨਿਰਮਲ ਨਹੀਂ ਹੁੰਦੀ । ਆਤਮਾ ਦੇ ਨਿਰਮਲ ਹੋਏ ਬਿਨਾਂ ਸਚੇ ਗਿਆਨ ਦਾ ਗਿਆਨ ਨਹੀਂ ਹੁੰਦਾ । ਇਉਂ ਸਰਲ ਅਰਥ ਸੁਣਕੇ ਪੰਡਤ ਲਾਲ ਦੀਆਂ ਅੱਖਾਂ ਨੀਵੀਆਂ ਹੋ ਗਈਆਂ , ਉਹ ਸਤਿਗੁਰਾਂ ਜੀ ਦੇ ਚਰਨ ਕਮਲਾਂ ਉਤੇ ਡਿਗ ਪਿਆ । ਉਸਨੇ ਮਥਾ ਟੇਕਿਆ । ਮਥਾ ਟੇਕਣ ਨਾਲ ਹੀ ਤਰਲਾ ਕੀਤਾ - ' ਕਿ ਹੇ ਪ੍ਰਭੂ ! ਮੈਂ ਭੁਲ ਗਿਆ , ਜੀਵ ਸਦਾ ਭੁਲਣਹਾਰ ਹੈ , ਅਭੁਲ ਗੁਰੂ ਕਰਤਾਰ ਹੈ , ਮੇਰੇ ਤੇ ਦਇਆ ਕਰੋ , ਮੈਨੂੰ ਖਿਮਾ ਕਰੋ । ਮੇਰੇ ਉਤੇ ਮੇਹਰ ਕਰਕੇ ਮੈਨੂੰ ਆਪਣਾ ਸਿਖ ਬਣਾਓ , ਤਾਂ ਕਿ ਮੇਰੀ ਮੂਰਖਤਾ , ਹਉਮੈ ਤੇ ਭਟਕਣਾ ਮਿਟੇ । ਸਤਿਗੁਰੂ ਜੀ ਨੇ ਦਇਆ ਕਰਕੇ ਪੰਡਤ ਲਾਲ ਨੂੰ ਤਾਰ ਦਿਤਾ । ਪੰਡਤ ਲਾਲ ਨਾਵੇਂ ਪਾਤਸ਼ਾਹ ਤਕ ਗੁਰੂ ਘਰ ਦੀ ਸੇਵਾ ਕਰਦਾ ਰਿਹਾ । ਧੰਨ ਗੁਰੂ ਨਾਨਕ ਜੀ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਨ੍ਹਾਂ ਛੋਟੀ ਉਮਰ ਵਿਚ ਪਾਪੀਆਂ ਦੇ ਪਾਪ ਖੰਡਨ ਕੀਤੇ ਅਤੇ ਕਈਆਂ ਦੇ ਭਰਮ ਦੂਰ ਕੀਤੇ ।